|
ਪ੍ਰੋਜੈਕਟ ਬਾਰੇ
ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਬਹੁਤ ਥੋੜ੍ਹਾ ਅੰਤਰ ਹੈ। ਹਾਲਾਂਕਿ ਇਹਨਾਂ ਦੀ ਲਿਪੀ ਵਿੱਚ ਵੱਡੀ ਭਿੰਨਤਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿੱਚ ਇਹਨਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 60 ਕਰੋੜ (600 ਮੀਲੀਅਨ) ਦੇ ਕਰੀਬ ਹੈ। ਉਰਦੂ ਉੱਤੇ ਫਾਰਸੀ ਅਤੇ ਹਿੰਦੀ ਉੱਤੇ ਸੰਸਕ੍ਰਿਤ ਦਾ ਪ੍ਰਭਾਵ ਹੋਣ ਕਾਰਨ ਦੋਨਾਂ ਦੀ ਸ਼ਬਦਾਵਲੀ ਵਿੱਚ ਕੁਝ ਭਿੰਨਤਾ ਹੋ ਸਕਦੀ ਹੈ ਪਰ 70 ਫੀਸਦੀ ਅਜਿਹੇ ਆਮ ਬੋਲਚਾਲ ਵਾਲੇ ਸ਼ਬਦ ਹਨ ਜੋ ਦੋਨਾਂ ਭਾਸ਼ਾਵਾਂ ਵਿੱਚ ਰੋਜ਼ਮਰਾ ਵਰਤੇ ਜਾਂਦੇ ਹਨ। ਇਸ ਪ੍ਰਕਾਰ ਦੋਨਾਂ ਭਾਸ਼ਾਵਾਂ ਦੀ ਵਿਆਕਰਨ ਵੀ ਇਕੋ ਜਿਹੀ ਹੈ।
ਇਹ ਪ੍ਰੋਜੈਕਟ ਪਿਛਲੇ 12 ਸਾਲਾਂ ਤੋਂ ਯੂ.ਕੇ., ਭਾਰਤ ਅਤੇ ਪਾਕਿਸਤਾਨ ਵਿਚ ਚਲ ਰਹੇ ਖੋਜ ਕਾਰਜਾਂ 'ਚ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਇਸ ਪ੍ਰੋਜੈਕਟ ਦਾ ਮੰਤਵ ਵੈੱਬ ਅਧਾਰਿਤ ਹਿੰਦੀ-ਉਰਦੂ ਲਿਪੀਅੰਤਰਨ/ਅਨੁਵਾਦ ਔਜ਼ਾਰ ਰਾਹੀਂ ਦੋਨਾਂ ਮੁਲਕਾਂ ਦੇ ਲੋਕਾਂ ਦਰਮਿਆਨ ਲਿਖਤੀ ਅਤੇ ਇਲੈਕਟ੍ਰੋਨਿਕ ਸੰਚਾਰ ਕਾਇਮ ਕਰਨਾ ਹੈ। ਆਸ ਹੈ ਕਿ ਇਹ ਪ੍ਰੋਜੈਕਟ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ, ਲੇਖਕਾਂ, ਸਕੂਲਾਂ, ਕਾਲਜਾਂ, ਖੋਜ ਅਤੇ ਸਵੈ ਸੇਵੀ ਸੰਸਥਾਵਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ।
ਗੌਰਤਲਬ ਹੈ ਕਿ ਇਸ ਕਾਰਜ ਦਾ ਬੋਧਿਕ ਪੱਖ ਯੂਰਪੀਅਨ ਯੂਨੀਅਨ, ਏਸ਼ੀਆ ਦੇ ਆਈ.ਸੀ.ਟੀ. ਪ੍ਰੋਗਰਾਮ ਦੀ ਗ੍ਰਾਂਟ ਤਹਿਤ ਪਹਿਲਾਂ ਹੀ ਸੰਪੂਰਨ ਹੋ ਚੁੱਕਾ ਹੈ। ਇਸ ਪ੍ਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਇਸ ਤੋਂ ਉਲਟ ਲਿਪੀਅੰਤਰਨ ਕਰਨ ਵਾਲੇ ਸਾਫਟਵੇਅਰ ਦਾ ਵਿਕਾਸ ਕਰ ਚੁੱਕੀ ਹੈ। ਹੁਣ ਯੂਨੀਵਰਸਿਟੀ ਉਰਦੂ-ਹਿੰਦੀ ਲਿਪੀਅੰਤਰਨ ਔਜ਼ਾਰ ਵਿਕਸਿਤ ਕਰਨ 'ਚ ਜੁਟੀ ਹੋਈ ਹੈ। ਇਸ ਪ੍ਰੋਜੈਕਟ ਤਹਿਤ ਉਰਦੂ-ਹਿੰਦੀ ਲਿਪੀਅੰਤਰਨ ਦੇ ਨਾਲ-ਨਾਲ ਇਹਨਾਂ ਭਾਸ਼ਾਵਾਂ ਦਰਮਿਆਨ ਸੰਪੂਰਨ ਯੰਤਰਿਕ ਅਨੁਵਾਦ ਕਰਨ ਵਾਲਾ ਔਜ਼ਾਰ ਵਿਕਸਿਤ ਕੀਤੇ ਜਾਣ ਦੀ ਤਜ਼ਵੀਜ ਹੈ। ਆਸ ਹੈ ਕਿ ਇਸ ਆਧੁਨਿਕ ਤਕਨੀਕ ਦੇ ਹੋਂਦ 'ਚ ਆਉਣ ਨਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਭਾਈਚਾਰਾ ਵਧੇਗਾ ਤੇ ਦੋਸਤੀ ਦੀਆਂ ਗੰਢਾਂ ਹੋਰ ਪੀਡੀਆਂ ਹੋਣਗੀਆਂ। |
ਪਿਛੋਕੜ
ਦੱਖਣੀ ਏਸ਼ੀਆ ਸੰਚਾਰ ਦਾ ਇਕ ਅਜਿਹਾ ਹਿੱਸਾ ਹੈ ਜਿੱਥੇ ਇਕ ਹੀ ਭਾਸ਼ਾ ਨੂੰ ਵੱਖ-ਵੱਖ ਲਿਪੀਆਂ ਵਿਚ ਲਿਖਿਆ ਜਾਂਦਾ ਹੈ। ਹਿੰਦੀ ਅਤੇ ਉਰਦੂ ਦੀ ਸੂਰਤ ਵਿੱਚ ਵੀ ਅਜਿਹਾ ਕੁਝ ਹੈ। ਭਾਰਤ ਵਿੱਚ ਹਿੰਦੀ ਨੂੰ ਦੇਵਨਾਗਰੀ ਲਿਪੀ (ਖੱਬੇ ਤੋਂ ਸੱਜੇ) ਵਿੱਚ ਅਤੇ ਪਾਕਿਸਤਾਨ ਵਿੱਚ ਉਰਦੂ ਨੂੰ ਫਾਰਸੀ-ਅਰਬੀ ਲਿਪੀ (ਸੱਜੇ ਤੋਂ ਖੱਬੇ) ਵਿੱਚ ਲਿਖਿਆ ਜਾਂਦਾ ਹੈ। ਦੋਨਾਂ ਭਾਸ਼ਾਵਾਂ ਵਿੱਚ ਬਹੁਤ ਹੀ ਨੇੜਲੀ ਸਾਂਝ ਹੈ। ਦੋਨਾਂ ਭਾਸ਼ਾਵਾਂ ਦੇ ਲੋਕਾਂ ਨੂੰ ਲਿਪੀਅੰਤਰਨ ਅਤੇ ਅਨੁਵਾਦ ਔਜ਼ਾਰਾਂ ਦੇ ਜ਼ਰੀਏ ਇਕ ਦੂਜੇ ਦੇ ਨੇੜੇ ਲਿਆਉਣਾ ਹੀ ਇਸ ਪ੍ਰੋਜੈਕਟ ਦਾ ਮੁੱਖ ਮਨੋਰਥ ਹੈ। ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਭਾਰਤ ਦੇ ਮੁਸਲਿਮ ਭਾਈਚਾਰੇ ਅਤੇ ਹਿੰਦੀ ਬੋਲਣ ਵਾਲੇ ਲੋਕਾਂ ਦਰਮਿਆਨ ਪਾਈ ਜਾਣ ਵਾਲੀ ਇਕ ਵੱਡੀ ਸੰਚਾਰ ਸਮੱਸਿਆ ਸੁਲਝ ਜਾਵੇਗੀ। ਇਸ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਦਰਮਿਆਨ ਸੰਪਰਕ ਕਾਇਮ ਕਰਨ ਵਾਲੇ ਲੋਕਾਂ ਦੀ ਲਿਪੀ ਰੁਕਾਵਟ ਵੀ ਦੂਰ ਹੋ ਜਾਵੇਗੀ। ਇਸ ਪ੍ਰੋਜੈਕਟ ਦੇ ਸੰਪੂਰਨ ਹੋਣ ਨਾਲ ਉਰਦੂ ਵਿੱਚ ਪ੍ਰਕਾਸ਼ਿਤ ਹੋਣ ਵਾਲੀਆਂ ਵੈੱਬਸਾਈਟਾਂ ਨੂੰ ਹਿੰਦੀ ਵਿੱਚ ਅਤੇ ਇਸ ਦੇ ਉਲਟ ਅਨੁਵਾਦ ਕਰਨ ਦਾ ਕੰਮ ਕਾਫ਼ੀ ਸੌਖਾ ਹੋ ਜਾਵੇਗਾ। |
ਉਦੇਸ਼
ਉਰਦੂ ਅਤੇ ਹਿੰਦੀ ਦਰਮਿਆਨ ਵੈੱਬ ਅਧਾਰਿਤ ਲਿਪੀਅੰਤਰਨ ਅਤੇ ਅਨੁਵਾਦ ਪ੍ਰਣਾਲੀ ਦੇ ਵਿਕਾਸ ਦੇ ਉਦੇਸ਼ ਹੇਠਾਂ ਲਿਖੇ ਅਨੁਸਾਰ ਹਨ :
- ਮਾਊਸ ਦੇ ਕਲਿੱਕ ਰਾਹੀਂ ਹਿੰਦੀ ਦੀ ਪਾਠ-ਸਮੱਗਰੀ ਨੂੰ ਉਰਦੂ ਅਤੇ ਇਹਦੇ ਉਲਟ ਲਿਪੀ ਪਰਿਵਰਤਨ ਕਰਨਾ।
- ਸ਼ਬਦ ਪੱਧਰ 'ਤੇ ਲਿਪੀਅੰਤਰਨ ਸਮੇਂ 95 ਫੀਸਦੀ ਤੋਂ ਵੱਧ ਸ਼ੁੱਧਤਾ ਦਾ ਟੀਚਾ ਪ੍ਰਾਪਤ ਕਰਨਾ।
- ਇਸ ਪ੍ਰੋਜੈਕਟ ਦੇ ਉਦੇਸ਼ਾਂ ਦੀ ਪੂਰਤੀ ਲਈ ਹੇਠਾਂ ਲਿਖੇ ਸੰਦ ਵਿਕਸਿਤ ਕੀਤੇ ਜਾਣਗੇ:
- ਹਿੰਦੀ ਤੋਂ ਉਰਦੂ ਅਤੇ ਉਰਦੂ ਤੋਂ ਹਿੰਦੀ ਇਲੈਕਟ੍ਰੋਨਿਕ ਸ਼ਬਦ-ਕੋਸ਼ ਦਾ ਵਿਕਾਸ
- ਹਿੰਦੀ ਤੋਂ ਉਰਦੂ ਅਤੇ ਇਸ ਤੋਂ ਉਲਟ ਲਿਪੀਅੰਤਰਨ/ਅਨੁਵਾਦ ਕਰਨ ਲਈ ਮਿਲਾਣ ਤਾਲਿਕਾ ਅਤੇ ਕਾਇਦੇ-ਕਾਨੂੰਨ
- ਉਰਦੂ-ਹਿੰਦੀ (ਸਮਾਨਾਂਤਰ) ਸ਼ਬਦ-ਭੰਡਾਰ (ਕਾਰਪਸ) ਦੀ ਤਿਆਰੀ
- ਹਿੰਦੀ ਵਿੱਚ ਬਣੀ ਵੈੱਬਸਾਈਟ ਨੂੰ ਉਰਦੂ ਜਾਂ ਇਸ ਦੇ ਉਲਟ ਅਨੁਵਾਦ/ਪਰਿਵਰਤਨ ਕਰਨ ਲਈ ਮਾਡਿਊਲ ਦਾ ਨਿਰਮਾਣ
|
|
|