 |
ਜਿੱਥੇ ਵਿੱਦਿਅਕ ਖੇਤਰ ਦੇ ਨਿਰਮਾਣ ਲਈ ਇਹ ਔਜ਼ਾਰ ਕਾਫੀ ਸ਼ਕਤੀਸ਼ਾਲੀ ਸਿੱਧ ਹੋਇਆ ਹੈ ਉੱਥੇ ਸਮਾਜਿਕ ਉੱਨਤੀ ਦੇ ਖੇਤਰ ਵਿਚ ਵੀ ਇਸ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਚਾਰ ਰਸਤੇ ਖੁੱਲ੍ਹਣ ਨਾਲ ਦੋਨਾਂ ਮੁਲਕਾਂ ਦਰਮਿਆਨ ਜਿੱਥੇ ਰਾਜਨੀਤਕ ਤਣਾਉ ਘਟੇਗਾ ਉੱਥੇ ਉਹਨਾਂ ਵਿਚਾਲੇ ਵਿਕਸਿਤ ਸੂਚਨਾ ਦੇ ਵਟਾਂਦਰੇ ਦੇ ਨਵੇਂ ਦੁਆਰ ਖੁੱਲ੍ਹਣਗੇ। ਇਸੇ ਪ੍ਰਕਾਰ ਕੰਡਿਆਲੀ ਤਾਰ ਦੇ ਦੋਨੋ ਪਾਸੇ ਵਸਦੇ ਪੰਜਾਬੀਆਂ ਦਰਮਿਆਨ ਇਕ ਸੱਭਿਅਕ ਸਮਾਜਿਕ ਪੱਧਰ ਦੀ ਮਜ਼ਬੂਤੀ ਦਾ ਵਟਾਂਦਰਾ ਹੋਵੇਗਾ। ਵਿੱਦਿਅਕ ਅਦਾਰੇ, ਮੀਡੀਆ ਸੰਸਥਾਵਾਂ ਅਤੇ ਲੇਖਕ ਸਭਾਵਾਂ ਆਦਿ ਸਭਿਅਕ ਸੱਭਿਅਕ ਜਥੇਬੰਦੀਆਂ ਇਸ ਪ੍ਰੋਜੈਕਟ ਦੇ ਟੀਚੇ ਦੇ ਮੁੱਖ ਲਾਭਪਾਤਰ ਹੋਣਗੇ। ਸੋ ਸੰਭਾਵਿਤ ਰੂਪ ਵਿਚ ਮੁੱਲਵਾਨ ਪੰਜਾਬੀ ਭਾਈਚਾਰਾ ਇਸ ਲਿਪੀਅੰਤਰਨ ਔਜ਼ਾਰ ਦਾ ਕਾਫ਼ੀ ਲਾਹਾ ਲਵੇਗਾ। ਆਨ-ਲਾਈਨ ਚੈਟਿੰਗ ਦੀ ਤਰ੍ਹਾਂ ਈ-ਮੇਲ ਸੁਵਿਧਾਵਾਂ ਦੋਨ੍ਹਾਂ ਮੁਲਕਾਂ ਦੀਆਂ ਭੂਗੋਲਿਕ ਵੰਡੀਆਂ ਨੁੰ ਧੁੰਦਲਾ ਕਰ ਦੇਣਗੀਆਂ। ਮੀਡੀਆ, ਵਿੱਦਿਅਕ ਅਤੇ ਸਾਹਿਤਕ ਸੰਸਥਾਵਾਂ ਦੀ ਤਰ੍ਹਾਂ ਵਣਜ-ਵਪਾਰ ਨਾਲ ਸਬੰਧਿਤ ਸੰਚਾਰ ਕਰਨਾ ਵੀ ਸੁਖਾਵਾਂ ਹੋ ਜਾਵੇਗਾ। ਵਰਤਮਾਨ ਗੁਰਮੁਖੀ ਅਤੇ ਮੁੱਢਲੀਆਂ ਸ਼ਾਹਮੁਖੀ ਸਾਈਟਾਂ ਇਕ-ਦੂਜੇ ਲਈ ਇਕ ਦਰਪਨ ਸਮਾਨ ਕਿਰਦਾਰ ਨਿਭਾ ਸਕਦੀਆਂ ਹਨ। ਆਸ ਹੈ ਕਿ ਇਹ ਪ੍ਰੋਜੈਕਟ ਇਲਾਕੇ ਦੇ ਅੰਗਰੇਜ਼ੀ ਭਾਸ਼ਾ 'ਚ ਕਮਜ਼ੋਰ ਵਰਤੋਂਕਾਰਾਂ ਅਤੇ ਪਾਠਕਾਂ ਨੂੰ ਵਿਲੱਖਣ ਵੈੱਬਸਾਈਟਾਂ ਤੱਕ ਪਹੁੰਚਣ ਦੇ ਯੋਗ ਬਣਾਵੇਗਾ।
ਇਸ ਦਾ ਮੀਡੀਆ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਹੋਰ ਸੱਭਿਅਕ ਸਮਾਜਿਕ ਸੰਸਥਾਵਾਂ ਨੂੰ ਉਚੇਚਾ ਫ਼ਾਇਦਾ ਹੋਵੇਗਾ। ਸੰਬੰਧਿਤ ਮਿਸ਼ਨ ਨਾਲ ਜੁੜੇ ਹੋਏ ਸਮੂਹਾਂ ਨੂੰ ਬਹੁਤ ਹੀ ਘੱਟ ਸਮੇਂ ਵਿਚ ਵਧੇਰੇ ਲਾਭ ਮਿਲੇਗਾ। ਮੀਡੀਆ ਅਦਾਰਿਆਂ ਲਈ ਇਹ ਸਾਫਟਵੇਅਰ ਉਹਨਾਂ ਦੀ ਕਵਰੇਜ/ਫੀਚਰ/ਰਿਪੋਰਟਾਂ ਆਦਿ ਦੀ ਮੰਗ ਵਧਾਉਣ 'ਚ ਕਾਰਗਰ ਭੂਮਿਕਾ ਨਿਭਾਵੇਗਾ। ਸਾਹਿਤਕ ਮੰਡਲੀਆਂ ਅਤੇ ਲੇਖਕਾਂ ਦੀ ਦੂਰ-ਦੁਰਾਡੇ ਵਸਦੇ ਪੰਜਾਬੀਆਂ ਤੱਕ ਪਹੁੰਚ ਵਧੇਗੀ ਤੇ ਉਹਨਾਂ ਦੇ ਭਾਗੀਦਾਰਾਂ ਦੀ ਗਿਣਤੀ 'ਚ ਬੇਤਹਾਸ਼ਾ ਵਾਧਾ ਹੋਵੇਗਾ।
ਸਮਾਜਿਕ ਜਥੇਬੰਦੀਆਂ ਖੇਤਰੀ ਭਾਸ਼ਾਵਾਂ ਵਿਚ ਜਾਣਕਾਰੀ ਨੂੰ ਸੌਖੇ ਤਰੀਕੇ ਨਾਲ ਪੁਜਦਾ ਕਰਵਾਉਣ ਦੀ ਲੋੜ ਦੀ ਪਹਿਲਾਂ ਹੀ ਸ਼ਨਾਖਤ ਕਰ ਚੁੱਕੀਆਂ ਹਨ, ਹੁਣ ਉਹ ਜਾਣਕਾਰੀ ਦੀ ਵੱਡੇ ਪੱਧਰ 'ਤੇ ਪੈਦਾਇਸ਼ ਅਤੇ ਵਰਤੋਂ' ਕਰ ਸਕਦੀਆਂ ਹਨ। ਮੁੱਢਲੇ ਟੀਚੇ ਵਾਲੇ ਸਮੂਹ ਵਿਕਸਿਤ ਕੀਤੇ ਸਾਫਟਵੇਅਰ ਦੀ ਅਮਲੀ ਰੂਪ ਵਿਚ ਵਰਤੋਂ ਕਰਨ ਦੇ ਨਾਲ-ਨਾਲ ਇਸ ਦੀ ਬਿਹਤਰੀ ਲਈ ਆਪਣੇ ਅਮੁੱਲ ਸੁਝਾਅ ਦੇਣ ਦੇ ਮਾਮਲੇ 'ਚ ਸਭ ਤੋਂ ਵੱਧ ਜਵਾਬਦੇਹ ਹਨ। ਸੋ ਸਮਾਜਿਕ, ਸਾਹਿਤਕ ਤੇ ਮੀਡੀਆ ਸੰਸਥਾਵਾਂ ਨੂੰ ਇਸ ਨੂੰ ਹੋਰ ਚੰਗੇਰਾ ਬਣਾਉਣ 'ਚ ਆਪਣਾ ਉਚੇਚਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਾਹਿਤ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਲਈ ਵਿਕਸਿਤ ਕਰਨ 'ਚ ਕਾਫੀ ਉਲਝਣ ਪੇਸ਼ ਆ ਰਹੀ ਸੀ। ਚੜ੍ਹਦੇ ਪੰਜਾਬ ਕੋਲ ਮੁਢਲੇ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੀ ਵਿੱਦਿਅਕ ਸਮੱਗਰੀ ਦਾ ਅਮੀਰ ਸਰਮਾਇਆ ਹੈ ਅਤੇ ਲਹਿੰਦੇ ਪੰਜਾਬ ਦੀ ਵੱਡੀ ਅਬਾਦੀ ਮੁਢਲੀ ਅਰਬੀ ਲਿਪੀ ਦੇ ਸੰਬੰਧ ਵਿਚ ਤਾਂ ਪੜ੍ਹੀ-ਲਿਖੀ ਹੈ ਪਰ ਉਹਨਾਂ ਦੀ ਅਜਿਹੀ ਸਮੱਗਰੀ ਤੱਕ ਪਹੁੰਚ ਨਹੀਂ ਹੈ। ਇੱਥੇ ਇਹ ਵਿਲੱਖਣ ਲਿਪੀਅੰਤਰਨ ਔਜ਼ਾਰ ਵੱਖ-ਵੱਖ ਲਿਪੀਆਂ ਵਿਚ ਲਿਪੀਬੱਧ ਕੀਤੇ ਦਸਤਾਵੇਜਾਂ ਵਿਚਕਾਰ ਤਤਕਾਲੀ ਸੰਪਰਕ ਕਾਇਮ ਕਰੇਗਾ। ਇਸ ਤੋਂ ਬਿਨਾਂ ਜਿੱਥੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਨੂੰਨ ਬਣਾਇਆ ਜਾ ਚੁੱਕਾ ਹੈ ਤੇ ਪੰਜਾਬੀ ਦੀ ਸਿੱਖਿਆ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ ਉੱਥੇ ਅਜਿਹੇ ਤਕਨੀਕੀ ਔਜ਼ਾਰ ਦੀ ਮੰਗ ਹੋਰ ਵੀ ਵਧ ਗਈ ਹੈ। ਇਸ ਔਜ਼ਾਰ ਦੇ ਵਿਕਸਿਤ ਹੋਣ ਨਾਲ ਇੰਟਰਨੈੱਟ ਅਧਾਰਤ ਪੰਜਾਬੀ 'ਚ ਲਿਪੀਅੰਤਰਨ ਸੰਭਵ ਹੋ ਜਾਵੇਗਾ। ਇਸ ਨਾਲ ਪੰਜਾਬੀ ਭਾਈਚਾਰੇ ਵਿਚ ਆਈ.ਸੀ.ਟੀ. ਤੱਕ ਪਹੁੰਚ ਬਣੇਗੀ ਤੇ ਮੋਹ ਦੀਆਂ ਤੰਦਾ ਹੋਰ ਪੀਡੀਆਂ ਹੋਣਗੀਆਂ।
|