 |
ਦੱਖਣੀ ਏਸ਼ੀਆ ਦੁਨੀਆ ਦਾ ਇਕ ਅਜਿਹਾ ਵਿਲੱਖਣ ਭਾਗ ਹੈ ਜਿੱਥੇ ਇਕ ਹੀ ਭਾਸ਼ਾ ਨੂੰ ਵੱਖ-ਵੱਖ ਲਿਪੀਆਂ ਵਿਚ ਲਿਖਿਆ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਭਾਸ਼ਾ ਲੱਖਾਂ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਪਰ ਭਾਰਤ ਦੇ ਪੂਰਬੀ ਪੰਜਾਬ ਦੇ 2 ਕਰੋੜ ਲੋਕ ਗੁਰਮੁਖੀ ਲਿਪੀ (ਖੱਬੇ ਤੋਂ ਸੱਜੇ ਦੇਵਨਾਗਰੀ ਵਿਚ) ਅਤੇ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ 8 ਕਰੋੜ ਲੋਕ ਸ਼ਾਹਮੁਖੀ ਲਿਪੀ (ਸੱਜੇ ਤੋਂ ਖੱਬੇ ਅਰਬਿਕ ਵਿਚ) ਦੀ ਵਰਤੋਂ ਪੜ੍ਹਨ-ਲਿਖਣ ਲਈ ਕਰਦੇ ਹਨ। ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਿਚ ਵਸਦੇ 20 ਲੱਖ ਪੰਜਾਬੀ ਰੋਮਨ ਲਿਪੀ ਦੀ ਵਰਤੋਂ ਕਰਦੇ ਹਨ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਬੋਲਚਾਲ ਦੀ ਭਾਸ਼ਾ ਭਾਵੇਂ ਇਕ ਦੂਜੇ ਨਾਲ ਕਾਫ਼ੀ ਮਿਲਦੀ ਹੈ ਪਰ ਇਹਨਾਂ ਦਾ ਲਿਖਤੀ ਰੂਪ ਵੱਖ-ਵੱਖ ਹੈ। ਇਸੇ ਪ੍ਰਕਾਰ ਉਰਦੂ ਅਤੇ ਹਿੰਦੀ ਦੇ ਸਬੰਧ ਵਿਚ ਵੀ ਅਜਿਹਾ ਕੁੱਝ ਵਾਪਰ ਰਿਹਾ ਹੈ। 1947 ਦੇ ਬਟਵਾਰੇ ਵੇਲੇ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਹੋਂਦ 'ਚ ਆਉਣ ਨਾਲ ਪੰਜਾਬੀ ਬੋਲਣ ਵਾਲੀ ਅਬਾਦੀ ਦਾ 20 ਫੀਸਦੀ ਹਿੱਸਾ ਭਾਰਤ ਵਿਚ ਹੀ ਰਹਿ ਗਿਆ ਤੇ 80 ਫੀਸਦੀ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ। ਪੂਰਬੀ ਪੰਜਾਬ ਦੇ ਸਿੱਖਾਂ ਵੱਲੋਂ ਗੁਰਮੁਖੀ ਅਤੇ ਪੱਛਮੀ ਪੰਜਾਬ ਦੇ ਮੁਸਲਮਾਨਾਂ ਦੁਆਰਾ ਸ਼ਾਹਮੁਖੀ ਦੀ ਵਰਤੋਂ ਕਰਨ ਦਾ ਸਿੱਟਾ ਇਹ ਨਿਕਲਿਆ ਕਿ ਸਾਡੇ ਇਤਿਹਾਸਿਕ ਗ੍ਰੰਥ ਫਿਰਕੂ ਰੰਗਤ ਵਿਚ ਰੰਗੇ ਗਏ। ਦੋਨ੍ਹਾਂ ਦੇਸ਼ਾਂ ਦੇ ਭੂਗੋਲਿਕ ਬਟਵਾਰੇ ਦੀ ਕੁੜੱਤਣ ਖਤਮ ਕਰਨ ਦੇ ਉਦੇਸ਼ ਨਾਲ ਅਸੀਂ ਇਕ ਅਹਿਮ ਔਜ਼ਾਰ ਮੁਹੱਈਆ ਕਰਵਾਉਣ 'ਚ ਕਾਮਯਾਬ ਹੋਏ ਹਾਂ। ਸੈਂਕੜੇ ਵਰ੍ਹਿਆਂ ਤੱਕ ਬੇਕਾਬੂ ਹੋਈਆਂ ਸਮਾਜਿਕ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਅਸੀਂ ਇਸ ਦਾ ਇਕ ਵਿਲੱਖਣ (ਆਈ.ਟੀ.ਸੀ.) ਤਕਨੀਕੀ ਹੱਲ ਕੱਢਿਆ ਹੈ। ਗੌਰਤਲਬ ਹੈ ਕਿ 60 ਫੀਸਦੀ ਮੱਧਕਾਲੀਨ ਪੰਜਾਬੀ ਸਾਹਿਤ ਸ਼ਾਹਮੁਖੀ ਵਿਚ ਹੀ ਮਿਲਦਾ ਹੈ, ਜਦੋਂ ਕਿ ਜ਼ਿਆਦਾਤਰ ਆਧੁਨਿਕ ਦਸਤਾਵੇਜ ਗੁਰਮੁਖੀ ਲਿਪੀ ਵਿਚ ਹੀ ਉਪਲਬਧ ਹਨ। ਪੰਜਾਬੀ ਭਾਸ਼ਾ ਦੀਆਂ ਦੋ ਵਿਭਿੰਨ ਲਿਪੀਆਂ ਦੀ ਮੌਜੂਦਗੀ ਨੇ ਭਾਰਤ ਅਤੇ ਪਾਕਿਸਤਾਨ ਵਿਚ ਸਿਰਜੇ ਜਾ ਰਹੇ ਸਾਹਿਤ ਦਰਮਿਆਨ ਬਹੁਤ ਵੱਡੀ ਰੁਕਾਵਟ ਪੈਦਾ ਕਰ ਦਿੱਤੀ ਹੈ। ਕੰਪਿਊਟਰ ਪ੍ਰੋਗਰਾਮ ਅਜਿਹੀਆਂ ਲਿਪੀ ਰੁਕਾਵਟਾਂ ਨੁੰ ਖਤਮ ਕਰਨ 'ਚ ਕਾਰਗਰ ਸਾਬਤ ਹੋਇਆ ਹੈ। ਇਹ ਪੋਗਰਾਮ ਆਪਣੇ ਆਪ ਹੀ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ ਕਰਨ ਦੇ ਸਮਰੱਥ ਹੈ। ਅਜਿਹਾ ਹੋਣ ਨਾਲ ਹੁਣ ਪਾਕਿਸਤਾਨੀ ਅਤੇ ਵਿਦੇਸ਼ੀ ਪੰਜਾਬੀ ਉਕਤ ਵਿਚੋਂ ਕਿਸੇ ਵੀ ਲਿਪੀ ਵਿਚ ਪੰਜਾਬੀ ਸਾਹਿਤ ਪੜ੍ਹ ਸਕਦੇ ਹਨ। ਸਪਸ਼ਟ ਹੈ ਕਿ ਇਹ ਆਧੁਨਿਕ ਔਜ਼ਾਰ ਦੋਹਾਂ ਪੰਜਾਬਾਂ ਦੇ ਪੰਜਾਬੀ ਪਾਠਕਾਂ ਅਤੇ ਲੇਖਕਾਂ ਦਰਮਿਆਨ ਇਕ ਪੁਲ ਦਾ ਕੰਮ ਕਰ ਰਿਹਾ ਹੈ।
ਅਸੀਂ ਭਲੀ-ਭਾਂਤ ਜਾਣੂ ਹਾਂ ਕਿ ਪੂਰਬੀ ਪੰਜਾਬ ਵਿਚ ਜ਼ਿਆਦਾਤਰ ਵਰਤੋਂ ਗੁਰਮੁਖੀ ਲਿਪੀ ਦੀ ਹੀ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਇੱਥੇ ਗੁਰਮੁਖੀ ਲਿਪੀ ਨੂੰ ਪੁਸਤਕਾਂ, ਰਸਾਲਿਆਂ, ਅਖਬਾਰਾਂ ਅਤੇ ਹੋਰਨਾਂ ਪ੍ਰਕਾਸ਼ਨਾਵਾਂ ਵਿਚ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ। ਗੁਰਮੁਖੀ ਦਾ ਆਪਣਾ ਹੀ ਇਕ ਟਰਿਊ ਟਾਈਪ (true type) ਫੌਂਟ ਹੈ। ਜਿਹੜਾ ਕਿ ਬੜੀ ਅਸਾਨੀ ਨਾਲ ਵਰਤੋਂਯੋਗ ਅਤੇ ਸਸਤਾ ਹੈ। ਇਹ ਗੱਲ ਪੂਰਨ ਰੂਪ ਵਿਚ ਸੱਚ ਹੈ ਕਿ ਇੱਕੋ ਭਾਸ਼ਾ ਦੀਆਂ ਵੱਖ-ਵੱਖ ਲਿਪੀਆਂ ਨੂੰ ਕੋਈ ਨਹੀਂ ਪੜ੍ਹ ਸਕਦਾ ਜਿਸ ਕਾਰਨ ਉੱਤਰੀ ਪੰਜਾਬ ਦੇ ਸਾਹਿਤ ਜਾਂ ਇਲੈਕਟ੍ਰੋਨਿਕ ਪੰਜਾਬੀ ਦੀ ਪੇਸ਼ਕਾਰੀ ਨੂੰ ਪੱਛਮੀ ਪੰਜਾਬ ਵਿਚ ਜਾਂ ਇਸ ਦੇ ਉਲਟ ਪੁਜਦਾ ਕਰਵਾਉਣਾ ਕਾਫੀ ਔਖਾ ਜਾਪ ਰਿਹਾ ਹੈ। ਆਈ.ਸੀ.ਟੀ. ਦੇ ਆਗਮਨ ਨਾਲ ਪੰਜਾਬੀ ਦੀਆਂ ਵੱਖ-ਵੱਖ ਲਿਪੀਆਂ ਦੇ ਘਚੋਲੇ ਤੋਂ ਛੁਟਕਾਰਾ ਪਾਉਣ ਲਈ ਪਹਿਲੀ ਵਾਰ ਇਕ ਵੱਡੀ ਪੁਲਾਂਘ ਪੁੱਟੀ ਗਈ ਹੈ। ਇਹ ਇਕੱਲੀ ਸੰਚਾਰ ਸੁਵਿਧਾ ਹੀ ਨਹੀਂ ਬਲਕਿ ਲੱਖਾਂ ਪੰਜਾਬੀਆਂ ਵਿਚ ਆਈ.ਸੀ.ਟੀ.ਦੇ ਸੰਭਾਵੀ ਇਸਤੇਮਾਲ ਦਾ ਇਕ ਜ਼ਰੀਆ ਵੀ ਹੈ। ਇਸ ਔਜ਼ਾਰ ਨਾਲ ਯੂਰਪੀ ਯੂਨੀਅਨ, ਕੈਨੇਡਾ, ਜਰਮਨੀ ਅਤੇ ਹਾਲੈਂਡ ਵਿਚ ਵਸਦੇ ਪੰਜਾਬੀ ਪਿਆਰਿਆਂ ਦਰਮਿਆਨ ਪੰਜਾਬੀ ਸਰਗਰਮੀਆਂ ਲਈ ਸੁਖਾਵਾਂ ਅਤੇ ਸੁਵਿਧਾਜਨਕ ਸੰਚਾਰ ਸਥਾਪਿਤ ਹੋਵੇਗਾ
|